A

ਮਨੁੱਖ ਨੇ ਵਸਤਾਂ , ਜਾਨਵਰਾਂ, ਰੁੱਖਾਂ ਦੇ ਸ਼ੁਰੂਆਤੀ ਨਾਮ ਕਿਵੇਂ ਧਰੇ ?

ਮਨੁੱਖ ਨੇ ਵਸਤਾਂ , ਜਾਨਵਰਾਂ, ਰੁੱਖਾਂ ਦੇ ਸ਼ੁਰੂਆਤੀ ਨਾਮ ਕਿਵੇਂ ਧਰੇ ?
ਕੁਦਰਤ ਵਿੱਚ ਹਰ ਜੀਵ ਧੁਨੀਆਂ ਉਚਾਰ ਸਕਦਾ ਹੈ, ਪਰ ਧੁਨੀਆਂ ਤੋਂ ਸ਼ਬਦ ਮਨੁੱਖ ਹੀ ਬਣਾ ਸਕਿਆ। ਧੁਨੀਆਂ ਨੂੰ ਸ਼ਬਦ ਚ ਬੰਨ੍ਹਣ ਦੀ ਕਲਾ ਮਨੁੱਖੀ ਦਿਮਾਗ ਦਾ ਸਭ ਤੋਂ ਵੱਡਾ ਵਿਕਾਸ ਹੈ। ਜਿਉਂ ਜਿਉਂ ਦਿਮਾਗ ਗੁੰਝਲਦਾਰ ਹੁੰਦਾ ਗਿਆ ਮਨੁੱਖ ਦੀ ਬੋਲਣ ਦੀ ਕਲਾ ਵੀ ਵਿਕਸਿਤ ਹੋਈ।
ਸ਼ੁਰੂ ਵਿੱਚ, ਮਨੁੱਖ ਵੀ ਬਾਕੀ ਜਾਨਵਰਾਂ ਵਾਂਗ ਸਿਰਫ਼ ਧੁਨੀਆਂ ਹੀ ਉਚਾਰਦਾ ਸੀ, ਇਹ ਉਹਦੀਆਂ ਆਪਣੀਆਂ ਧੁਨੀਆਂ ਨਾਲ ਨਾਲ ਹੋਰ ਜਾਨਵਰਾਂ ਕੁਦਰਤੀ ਕਿਰਿਆਵਾਂ ਦੀ ਅਵਾਜ਼ ਵੀ ਸੀ। 
ਇੰਝ ਜਾਨਵਰਾਂ ਦੀ ਧੁਨੀ ਤੋਂ ਉਹਨੇ ਜਾਨਵਰਾਂ ਦੇ ਨਾਮ ਧਰੇ ਜਿਵੇਂ ਕਾਂ ਦੀ ਆਵਾਜ਼ ਤੋਂ ਕਾਂ ਚਿੜ੍ਹੀ ਦੀ ਆਵਾਜ਼ ਤੋਂ ਚਿੜ੍ਹੀ। ਬਿਜਲੀ ਦੀ ਆਵਾਜ਼ ਤੋਂ ਤਾੜਕਾ। 
ਇੰਝ ਮੁੱਢਲੇ ਨਾਮ ਬੇਹੱਦ ਸਰਲ ਤੇ ਧੁਨੀ ਅਧਾਰਿਤ ਸੀ, ਅੱਜ ਵੀ ਜੰਗਲੀ ਕਬੀਲੇ ਸੰਦੇਸ਼ ਨੂੰ ਪਹੁੰਚਾਉਣ ਲਈ ਅੱਡੋ ਅੱਡ ਧੁਨੀਆਂ ਦਾ ਪ੍ਰਯੋਗ ਕਰਦੇ ਹਨ।
ਇਵੇਂ ਹੀ ਸਭ ਤੋਂ ਨੇੜਲੇ ਰਿਸ਼ਤਿਆਂ ਦੇ ਨਾਮ ਧੁਨੀ ਹਨ ਜਾਂ ਇੱਕੋ ਧੁਨੀ ਰਿਪੀਟ ਹੈ। ਜਿਵੇਂ ਮਾਂ, ਪਾਪਾ, ਚਾਚਾ, ਮਾਮਾ,ਬਾਬਾ ,ਨਾਨਾ ਆਦਿ। #HarjotDiKalam 
ਕੁਝ ਨਾਮ ਤਾਂ ਅੱਜ ਵੀ ਦੁਨੀਆਂ ਦੀਆਂ ਵੱਖਰੀਆਂ ਭਾਸ਼ਾ ਵਿੱਚ ਹੋਣ ਦੇ ਬਾਵਜੂਦ ਲੱਗਪੱਗ ਇੱਕੋ ਹਨ। ਜਿਵੇਂ ਮਾਂ ਦਾ ਉਚਾਰਨ ਦੁਨੀਆਂ ਦੀਆਂ ਸਭ ਭਾਸ਼ਾਵਾਂ ਵਿੱਚ ਲੱਗਪੱਗ ਇਕੋ ਜਿਹਾ ਹੈ। ਅੰਗਰੇਜ਼ੀ ਦਾ ਸ਼ਬਦ ਸੀ ਤੇ ਸਾਗਰ ਵੀ ਸਮੁੰਦਰੀ ਆਵਾਜ਼ ਵਰਗਾ ਲਗਦਾ ਹੈ। ਇੰਝ ਹੋਰ ਵੀ ਸ਼ਬਦ ਹਨ
ਬੋਲਣ ਦਾ ਇਤਿਹਾਸ ਕਰੀਬ 50,000 ਸਾਲ ਪੁਰਾਣਾ ਮੰਨਿਆ ਜਾਂਦਾ ਤੇ ਆਮ ਤੋਂ ਗੁੰਝਲਦਾਰ ਤੱਕ ਪਹੁੰਚਣ ਲਈ ਸੈਂਕੜੇ ਪੀੜ੍ਹੀਆਂ ਨੇ ਆਪਣੇ ਉਚਾਰਨ ਅੰਗਾਂ ਨੂੰ ਸੋਧਿਆ ਹੋਏਗਾ,ਪ੍ਰੈਕਟਿਸ ਨਾਲ। 
ਜੇਕਰ ਤੁਸੀਂ ਕਿਸੇ ਬੱਚੇ ਨੂੰ ਜਨਮ ਤੋਂ ਹੀ ਸਮਾਜ ਤੋਂ ਅਲੱਗ ਕਰ ਦੇਵੋਂ ਤਾਂ ਉਹ ਕਦੇ ਵੀ ਇਕੱਲਾ ਬੋਲਣਾ ਨਹੀਂ ਸਿੱਖ ਸਕੇਗਾ। ਉਹਨੂੰ ਇਹ ਸਿੱਖਣ ਲਈ ਘੱਟੋ ਘੱਟ 15-20 ਸਾਲ ਲਗਦੇ ਹਨ।  
ਇੰਝ ਭਾਸ਼ਾ ਇੱਕ ਸਮਾਜਿਕ ਕ੍ਰਿਤ ਹੈ, ਸਮਾਜ ਚ ਰਹਿ ਕੇ ਹੀ ਇਹ ਸਿੱਖੀ ਜਾ ਸਕਦੀ ਹੈ,ਇਹ ਮਨੁੱਖ ਦਾ ਲੱਖਾ ਸਾਲ ਦਾ ਵਿਕਾਸ ਹੈ। ਮੁਢਲੀਆਂ ਧੁਨੀਆਂ ਭਾਵੇਂ ਇੱਕ ਜਿਹੀਆਂ ਸਨ। ਪਰ ਸਮੇਂ ਨਾਲ, ਸਥਾਨ ਨਾਲ, ਮੌਸਮ ਨਾਲ, ਸਾਡੇ ਉਚਾਰਨ ਅੰਗਾਂ ਚ ਫ਼ਰਕ ਪਿਆ ਜਿਵੇਂ ਪਹਾੜੀ ਲੋਕਾਂ ਦੇ ਨੱਕ ਚੌੜੇ ਹੁੰਦੇ ਹਨ। ਇੰਝ ਸ਼ਬਦਾਂ ਤੇ ਧੁਨੀਆਂ ਚ ਫਰਕ ਪਿਆ। 
ਵੱਖੋ ਵੱਖੋ ਸਮਾਜ ਵਿੱਚ ਵੱਖਰੇ ਤਰ੍ਹਾਂ ਦੇ ਸ਼ਬਦ ਬਣੇ, ਜਿਹੜੇ ਇੱਕ ਦੂਸਰੇ ਨਾਲ ਵਟਾਏ ਵੀ ਗਏ ਤੇ ਵਰਤੇ ਵੀ ਗਏ। ਇੰਝ ਇਹ ਸਮਾਜ ਭਾਸ਼ਾ ਪਰਿਵਾਰ ਅਖਵਾਏ। ਜਿਹਨਾਂ ਦੀ ਗਿਣਤੀ ਸੀਮਿਤ ਹੈ ਤੇ ਹਰ ਭਾਸ਼ਾ ਪਰਿਵਾਰ ਵਿੱਚ ਅੱਗੇ ਹਜਾਰਾਂ ਭਾਸ਼ਾਂਵਾਂ ਵਿਕਸਿਤ ਹੋਈਆਂ।
 ਇੰਝ ਭਾਸ਼ਾਂਵਾਂ ਰਲ ਮਿਲ ਕੇ ਵਿਕਾਸ ਕਰਦੀਆਂ ਗਈਆਂ। ਕਦੇ ਦੋ ਭਾਸ਼ਾਂਵਾਂ ਨੇ ਮਿਲ ਕੇ ਨਵੀਂ ਭਾਸ਼ਾ ਦਿੱਤੀ। ਕਿਤੇ ਇੱਕ ਕਬੀਲਾ ਵੱਖਰਾ ਹੋ ਕੇ ਨਵੀਂ ਭਾਸ਼ਾ ਬਣਾ ਬੈਠਾ। ਯੂਰਪ ਤੋਂ ਵੰਡਿਆ ਹੀ ਭਾਸ਼ਾ ਦੇ ਅਧਾਰ ਤੇ ਗਿਆ ਸੀ। 47 ਪਿਛੋਂ ਭਾਰਤ ਚ ਵੀ ਭਾਸ਼ਾ ਦੇ ਅਧਾਰ ਤੇ ਰਾਜ ਬਣੇ।
ਪਰ ਦੱਸਣ ਵਾਲੀ ਗੱਲ ਇਹੋ ਸੀ ਕਿ ਮੂਲ ਧੁਨੀਆਂ ਹਰ ਭਾਸ਼ਾ ਚ ਲੱਗਪੱਗ ਇੱਕੋ ਹੀ ਸਨ। ਜਿਹੜੀਆਂ ਆਵਾਜ਼ ਦੇ ਅਧਾਰ ਤੇ ਸ਼ਬਦ ਘੜਦੀਆਂ ਗਈਆਂ। ਮਨੁੱਖ ਸਿਖਦਾ ਰਿਹਾ ਤੇ ਉਹਨਾਂ ਨੂੰ ਬੇਸ ਬਣਾਕੇ ਹੋਰ ਗੁੰਝਲਦਾਰ ਸ਼ਬਦ ਬਣਾਉਂਦਾ ਗਿਆ। 
ਜਿਵੇਂ ਅਸੀਂ ਪੈਂਤੀ/ਇਕਤਾਲੀ ਧੁਨੀਆਂ ਨਾਲ ਹਜਾਰਾਂ ਸ਼ਬਦ ਬਣਾ ਲੈਂਦੇ ਹਾਂ। ਕਈ ਕਿਰਿਆਵਾਂ ਨੂੰ ਪੜ੍ਹੋਗੇ ਤੁਸੀਂ ਵੇਖੋਗੇ ਕਿ ਉਹਦੀ ਰਫਤਾਰ ਵੀ ਬੋਲਣ ਵੇਲੇ ਉਵੇਂ ਹੀ ਹੁੰਦੀ। ਜਿਵੇਂ ' ਦੌਡ਼ ' ਇਕ ਲੰਮਾ ਉਚਾਰਨ ਹੈ। 'ਰੁਕ ' ਇੱਕ ਛੋਟਾ ਸ਼ਬਦ ਦੋਵਾਂ ਚ ਬਰਾਬਰ ਹਨ। ਇਵੇਂ ਹੀ ਟੁੱਟਣ ਲਈ ਵਰਤੇ ਬਹੁਤੇ ਸ਼ਬਦਾਂ ਵਿੱਚ ਉਹ ਧੁਨੀਆਂ ਬੋਲੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਸਾਡੀ ਆਵਾਜ਼ ਕੰਬਦੀ ਹੈ। ਤੜ ਤੜ ,ਕੜ ਕੜ ...
ਇੰਝ ਮਨੁੱਖ ਨੇ ਸ਼ਬਦ ਜੋ ਬਣਾਏ ਮਹਿਜ਼ ਧੁਨੀਆਂ ਦਾ ਉਚਾਰਨ ਨਹੀਂ ਸਗੋਂ ਉਹਨਾਂ ਦਾ ਲੈਅ,ਤਾਲ ,ਗਤੀ ਵੀ ਵੇਖੀ।
ਇਹੋ ਧੁਨੀਆਂ ਫਿਰ ਰਾਗਾਂ ਚ ਬੰਨ੍ਹ ਕੇ ਸੰਗੀਤ ਬਣਾਇਆ ਗਿਆ। ਜੋ ਸਿਰਫ਼ ਧੁਨੀ ਹੁੰਦਾ ਹੈ। ਪਰ ਸਾਨੂੰ ਸ਼ਬਦ ਵੀ 'ਸੁਣਦੇ ਜਾਪਦੇ ਹਨ"।
ਇਹ ਮਨੁੱਖ ਦਾ ਇਤਿਹਾਸ ਹੈ ਧੁਨੀ ਤੋਂ ਸ਼ਬਦ ਬਣਾ ਲੈਣਾ ਮਨੁੱਖੀ ਵਿਕਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਹੈ। ਕਿਉਂਕਿ ਬਿਨਾਂ ਸ਼ਬਦਾਂ ਦੇ ਗਿਆਨ ਨੂੰ ਬੰਨ੍ਹ ਸਕਣਾ ਅਗਲੀਂ ਪੀੜ੍ਹੀ ਤੱਕ ਲਿਜਾ ਸਕਣਾ ਨਾ ਮੁਮਕਿਨ ਸੀ। 
ਅੱਜ ਤਾਂ ਸਾਡੇ ਦਿਮਾਗ ਵਿੱਚ ਜੋ ਸ਼ਬਦ ਅਸੀਂ ਬੋਲਦੇ ਹਾਂ ਉਸਦਾ ਇੱਕ ਚਿੰਨ /ਤਸਵੀਰ ਬਣ ਜਾਂਦੀ ਹੈ।ਇਸੇ ਲਈ ਜਿਸ ਵਿਅਕਤੀ ਦਾ ਤੁਹਾਨੂੰ ਨਾਮ ਯਾਦ ਹੋਏ ਉਹਦਾ ਚਿਹਰਾ ਯਾਦ ਰੱਖਣਾ ਸੌਖਾ ਹੋ ਜਾਂਦਾ।
ਭਾਸ਼ਾ ਦਾ ਸ਼ਬਦਾਂ ,ਧੁਨੀਆਂ ਦਾ ਆਪਣਾ ਵਿਗਿਆਨ ਹੁੰਦਾ ਹੈ। ਇਹਨਾਂ ਦੇ ਬਣਨ ,ਵਿਕਾਸ ਕਰਨ ਦੀ ਪ੍ਰਕਿਰਿਆ ਨੂੰ Linguistics ਭਾਵ ਭਾਸ਼ਾ ਵਿਗਿਆਨ ਆਖਦੇ ਹਨ।
ਪੰਜਾਬੀ ਦਾ ਵੀ ਆਪਣਾ ਭਾਸ਼ਾ ਵਿਗਿਆਨ,ਧੁਨੀ ਵਿਗਿਆਨ , ਭਾਵਾਂਸ , ਵਾਕ ਵਿਗਿਆਨ ਹੈ। ਸ਼ਬਦਾਂ ਦੀ ਉਤਪਤੀ ਤੇ ਵਿਕਾਸ ਬਾਰੇ ਵੀ ਖੋਜ਼ ਹੋਈ ਹੈ।
ਭਾਸ਼ਾ ਤੇ ਲਿਪੀ ਚ ਫ਼ਰਕ ਜ਼ਰੂਰ ਸਮਝੋ ਕਿਉਂਕਿ ਭਾਸ਼ਾ ਧੁਨੀਆਂ ਦਾ ਉਚਾਰਨ ਹੁੰਦੀ ਹੈ ਤੇ ਲਿਪੀ ਧੁਨੀਆਂ ਦੇ ਚਿੰਨ੍ਹ ਜੋ ਲਿਖਣ ਲਈ ਵਰਤੇ ਜਾਂਦੇ ਹਨ। ਲਿਪੀ ਭਾਸ਼ਾ ਦੇ ਵਿਕਾਸ ਦੇ ਕਈ ਹਜ਼ਾਰ ਸਾਲ ਮਗਰੋਂ ਆਈ।ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂ ਦੀ ਆਪਣੀ ਵੱਖਰੀ ਲਿਪੀ ਹੈ। 
ਗੂਗਲ ਤੇ ਹੋਰ ਵਧੇਰੇ ਪੜ੍ਹ ਸਕਦੇ ਹੋ।

ਹਰਜੋਤ ਸਿੰਘ
70094-52602

No comments